Tuesday 19 March 2013

 ਅਨੋਖਾ ਪਿਆਰ            ਭਾਗ - ਅੱਠਵਾਂ        ਲੇਖਕ - ਦੀਪ ਮਾਨ

ਟ੍ਰੇਨ ਦੇ ਵਿਚ ਬੈਠੀ ਹਰਮਨ ਖਿੜਕੀ ਰਾਹੀਂ ਬਾਹਰ ਦੇਖ ਰਹੀ ਹੈ . ਟ੍ਰੇਨ ਆਪਣੀ ਤੇਜ ਰਫਤਾਰ ਨਾਲ ਦੌੜੀ ਜਾ ਰਹੀ ਸੀ . ਖੇਤ, ਰੁੱਖ, ਘਰ - ਮਕਾਨ ਸਭ ਪਿੱਛੇ ਛੁਟਦੇ ਜਾ ਰਹੇ ਸੀ . ਸਭ ਤੇਜ ਦੌੜ ਦੇ ਨਾਲ ਪਿੱਛੇ ਵੱਲ ਨੂੰ ਭੱਜਦੇ ਜਾ ਰਹੇ ਸੀ .ਵਕਤ ਬਹੁਤ ਤੇਜੀ ਦੇ ਨਾਲ ਦੌੜ ਰਿਹਾ ਸੀ ਮਗਰ ਫਿਰ ਵੀ ਪਤਾ ਨਹੀ ਕਿਉਂ ਇਹ ਬੀਤਣ ਤੇ ਨਹੀ ਆ ਰਿਹਾ ਸੀ .  ਅਚਾਨਕ ਪਿੱਛੇ ਲੰਘਦੇ ਰੁੱਖਾਂ , ਘਰਾਂ , ਮਕਾਨਾਂ , ਖੇਤਾਂ ਦੇ ਨਾਲ - ਨਾਲ  ਇੱਕ ਜਗਾ ਦੀਪ ਖੜਾ ਦਿਖਾਈ ਦਿੰਦਾ ਹੈ ਮਗਰ ਦੌੜਦੀ ਟ੍ਰੇਨ ਦੇ ਨਾਲ - ਨਾਲ ਉਹ ਦੌੜਦਾ ਨਹੀ ਅਤੇ ਆਪਣੀ ਥਾਂ ਉੱਤੇ ਖੜਾ ਰਹਿੰਦਾ ਹੈ . ਜਿਵੇਂ ਉਹ ਬੁੱਤ ਬਣ ਚੁਕਾ ਹੋਵੇ . ਟ੍ਰੇਨ ਤੇਜ ਰਫਤਾਰ ਨਾਲ ਉਸਨੂੰ ਪਿੱਛੇ ਛੱਡਦਿਆਂ ਅੱਗੇ ਲੰਘ ਜਾਂਦੀ ਹੈ . ਪਿੱਛੇ ਲੰਘ ਚੁਕੇ ਦੀਪ ਨੂੰ ਵੇਖ ਹਰਮਨ ਦਾ ਦਿਲ ਕਾਹਲਾ ਪੈ ਜਾਂਦਾ ਹੈ . ਉਸਦਾ ਦਿਲ ਕਰਦਾ ਹੈ ਕਿ ਉਹ ਚਲਦੀ ਟ੍ਰੇਨ ਤੋ ਛਾਲ ਮਾਰ ਦੇਵੇ ਅਤੇ  ਭੱਜ ਕੇ ਉਸ ਕੋਲ ਜਾਵੇ ਮਗਰ ਅਜਿਹਾ ਉਹ ਚਾਹ ਕੇ ਵੀ ਨਹੀ ਕਰ ਪਾਉਂਦੀ . ਆਪਣੀ ਬੇਵੱਸ ਹਾਲਤ ਨੂੰ ਵੇਖ ਉਸਦੀ ਅੱਖੋਂ ਹੰਝੂ ਨਿੱਕਲ ਆਉਂਦਾ ਹੈ . ਟ੍ਰੇਨ ਹੌਲੀ - ਹੌਲੀ ਆਪਣੀ ਰਫਤਾਰ ਨੂੰ ਘਟਾਉਂਦੀ ਹੈ . ਹਰਮਨ ਅੰਦਾਜਾ ਲਗਾ  ਹੈ ਟ੍ਰੇਨ ਰੁੱਕਣ ਵਾਲੀ ਹੈ . ਇੱਕ ਸਟੇਸ਼ਨ ਆਉਂਦਾ ਹੈ . ਹਰਮਨ ਝੱਟ ਹੰਝੂ ਸਾਫ਼ ਕਰ ਲੈਂਦੀ ਹੈ . ਟ੍ਰੇਨ ਬਿਲਕੁਲ ਹੌਲੀ ਹੋ ਜਾਂਦੀ ਹੈ ਅਤੇ ਸਟੇਸ਼ਨ ਤੇ ਰੁੱਕ ਜਾਂਦੀ ਹੈ . ਅਚਾਨਕ ਇੱਕ ਲੜਕੀ ਹੰਭਦੀ ਹੋਈ ਟ੍ਰੇਨ ਦੀ ਖਿੜਕੀ ਕੋਲ ਆਉਂਦੀ ਹੈ ਅਤੇ ਹਰਮਨ ਨੂੰ ਪੁੱਛਦੀ ਹੈ," ਪਠਾਨਕੋਟ ? ਪਠਾਨਕੋਟ ??"
"ਹਾਂ ਪਠਾਨਕੋਟ ਜਾ ਰਹੀ ਏ ਟ੍ਰੇਨ .",ਹਰਮਨ ਜੁਆਬ ਦਿੰਦੀ ਹੈ . ਉਹ ਲੜਕੀ ਹਰਮਨ ਨੂੰ ਥੈਂਕਸ ਬੋਲਦੀ ਹੈ ਅਤੇ ਟ੍ਰੇਨ ਵਿੱਚ ਚੜ ਜਾਂਦੀ ਹੈ . ਉਹ ਹਰਮਨ ਦੇ ਸਾਹਮਣੇ ਵਾਲੀ ਸੀਟ ਤੇ ਆ ਬੈਠਦੀ ਹੈ . ਉਹ ਖਿੜਕੀ ਤੋਂ ਬਾਹਰ ਦੇਖਣ ਲੱਗ ਪੈਂਦੀ ਹੈ . ਉਹ ਲੜਕੀ ਕੁਝ ਵਕਤ ਮੂੰਹ ਵਿੱਚ ਕੁਝ ਬੁੜਬੁੜਾਉਂਦੀ ਰਹਿੰਦੀ ਹੈ ਅਤੇ ਫਿਰ ਹਰਮਨ ਵੱਲ ਵੇਖ ਕੇ ਪੁੱਛਦੀ ਹੈ," ਤੁਸੀਂ ਕਿੱਥੇ ਜਾ ਰਹੇ ਹੋ ?"
"ਪਠਾਨਕੋਟ ਤੋ ਅੱਗੇ .",ਹਰਮਨ ਜੁਆਬ ਦਿੰਦੀ ਹੈ . ਉਹ ਦੁਬਾਰਾ ਪੁੱਛਦੀ ਹੈ,"ਸਟੱਡੀ ਦੇ ਲਈ ?"
"ਹਾਂ .", ਹਰਮਨ ਦੱਸਦੀ ਹੈ .
"ਹਾਂ ਮੈਂ ਵੀ ਅਤੇ ਕਿਸ ਕੋਰਸ ਲਈ ?"
"ਈ .ਟੀ.ਟੀ."
"ਵਾਵ ! ਮੈਂ ਵੀ ."
"ਤੂੰ ਵੀ ਜੰਮੂ ਜਾ ਰਹੀ ਏਂ ?"
"ਹਾਂ ਬਿਲਕੁਲ, ਇਹਦਾ ਮਤਲਬ ਆਪਾਂ ਇੱਕੋ ਕਾਲਿਜ ਵਿੱਚ ਹਾਂ , ਜਾਣ - ਪਹਿਚਾਣ ਹੋ ਜਾਵੇ ?"
"ਬਿਲਕੁਲ, ਮੇਰਾ ਨਾਮ ਹਰਮਨ ਹੈ ਮੈ ਮਾਨਸਾ ਜਿਲੇ ਦੇ ਇੱਕ ਛੋਟੇ ਜਿਹੇ ਪਿੰਡ ਵਿਚੋ ਹਾ ."
"ਮੈਨੂੰ ਤੂੰ ਗਗਨ ਕਹਿ ਸਕਦੀ ਏਂ . ਮੈਂ ਥੋੜਾ ਜਿਹਾ ਜਿਆਦਾ ਬੋਲਦੀ ਹਾਂ . ਮੈਨੂੰ ਵਧੀਆ ਨਹੀਂ ਲੱਗਦਾ ਜਦੋਂ ਕੋਈ ਚੁਪ -ਚਾਪ ਬੈਠਾ ਰਹੇ . ਬਿਨਾ ਹੰਗਾਮੇ ਦੇ ਵੀ ਕੋਈ ਜਿੰਦਗੀ ਹੈ ਭਲਾਂ ? ਉਹ ਤਾਂ ਪੁਰਾਣੀਆਂ ਬਲੈਕ ਐਂਡ ਵਾਈਟ ਫਿਲਮਾਂ ਦੀ ਤਰਾਂ ਹੈ . ਹੁਣ ਜਮਾਨਾ ਰੰਗੀਨ ਹੈ . ਮੇਰੀ ਮਾਂ ਵੀ ਕਈ ਬਾਰ ਮੈਨੂੰ ਕਹਿਣ ਲੱਗ ਜਾਂਦੀ ਹੈ ਕਿ ਤੈਨੂੰ ਘੱਟ ਬੋਲਣਾ ਚਾਹੀਦਾ ਹੈ . ਮੈਨੂੰ ਸ਼ਰਾਰਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਮਗਰ ਮੈਂ ਹਾਂ ਕਿ ਮੰਨਦੀ ਹੀ ਨਹੀ . ਉਹਨਾਂ ਨੇ ਤਾਂ ਪਿੱਛਲੇ ਮਹੀਨੇ ਮੇਰੇ ਵਿਆਹ ਦੇ ਲਈ ਇੱਕ ਲੜਕਾ ਵੀ ਘਰ ਲਿਆਂਦਾ ਸੀ ਮਗਰ ਤੈਨੂੰ ਪਤਾ ਮੈਂ ਕੀ ਕੀਤਾ ? ਮੈਂ ਉਸਦੀ ਚਾਹ ਦੇ ਵਿੱਚ ਦੋ ਚਮਚ ਲੂਣ ਪਾ ਦਿੱਤਾ . ਪਹਿਲਾਂ ਮੇਰੀ ਸਲਾਹ ਮਿਰਚਾਂ ਪਾਉਣ ਦੀ ਸੀ ਫਿਰ ਮੈਂ ਸੋਚਿਆ ਜੇ ਮੇਰੇ ਹੱਥ ਮੇਰੀਆਂ ਹੀ ਅੱਖਾਂ ਤੇ ਲੱਗ ਗਏ . ਉਹ ਲੜਕਾ ਪੰਜ ਮਿੰਟ ਵੀ ਨਹੀ ਰੁੱਕਿਆ . ਇਹ ਵੱਖ ਹੈ ਭਾਵੇਂਕਿ ਇਸਤੋ ਬਾਅਦ ਮੈਨੂੰ ਮੌਮ ਤੋ ਇੱਕ ਘੰਟੇ ਦਾ ਲੈਕਚਰ ਸੁਣਨਾ ਪਿਆ . ਵੈਸੇ ਵੀ ਉਹ ਮੈਨੂੰ ਪਸੰਦ ਨਹੀ ਸੀ ਉਸਦੀ ਨੱਕ ਗਾਜਰ ਵਰਗੀ ਸੀ . ਤੈਨੂੰ ਇੱਕ ਹੋਰ ਕਿੱਸਾ ਦਸਦੀ ਹਾਂ , ਤੈਨੂੰ ਪਤਾ ਦੋ ਮਹੀਨੇ ਪਹਿਲਾਂ ?",ਇਹ ਆਖਦੀ ਗਗਨ ਰੁੱਕ ਜਾਂਦੀ ਹੈ . ਹਰਮਨ ਉਸ ਵੱਲ ਟਿਕਟਿਕੀ ਲਗਾਈ ਵੇਖ ਰਹੀ ਹੁੰਦੀ ਹੈ . ਉਸਦੀਆਂ ਅੱਖਾਂ ਹੈਰਾਨੀ ਨਾਲ ਭਰੀਆਂ ਪਈਆਂ ਹੁੰਦੀਆਂ ਹਨ ਅਤੇ ਉਹ ਸਿਰਫ ਇਹੀ ਸੋਚ ਰਹੀ ਹੁੰਦੀ ਹੈ ਕਿ ਇਹ ਸਵੇਰੇ ਖਾ ਕੇ ਕੀ ਆਈ ਹੋਵੇਗੀ ?
ਗਗਨ, ਹਰਮਨ ਦੀਆਂ ਅੱਖਾਂ ਅੱਗੇ ਹੱਥ ਫੇਰਦੀ ਹੈ ਅਤੇ ਬੋਲਦੀ ਹੈ," ਹੈੱਲੋ ? ਹੈੱਲੋ ? ਹਰਮਨ ? "
ਗਗਨ ਟ੍ਰੇਨ ਦੇ ਡੱਬੇ ਵਿੱਚ ਹੋਰ ਯਾਤਰੀਆਂ ਵੱਲ ਧਿਆਨ ਮਾਰਦੀ ਹੈ ਤਾਂ ਉਹ ਸਭ ਵੀ ਹੈਰਾਨੀ ਭਰੀਆਂ ਅੱਖਾਂ ਨਾਲ ਗਗਨ ਨੂੰ ਹੀ ਘੂਰੀ ਜਾ ਰਹੇ ਹੁੰਦੇ ਹਨ . ਗਗਨ ਇਹ ਦੇਖ ਕੇ ਹੈਰਾਨ ਹੁੰਦੀ ਹੈ ਅਤੇ ਬੋਲਦੀ ਹੈ, "ਮੈਨੂੰ ਤਾਂ ਲੱਗਦਾ ਹੈ ਜਿਵੇਂ ਮੈਂ ਕਿਸੇ ਦੇ ਮਾਤਮ ਤੇ ਆ ਗਈ ਹੋਵਾਂ . ਜੇ ਕਬਰਿਸਤਾਨ ਚਲੀ ਜਾਂਦੀ ਤਾਂ ਉੱਥੇ ਵੀ ਇਸ ਡੱਬੇ ਨਾਲੋਂ ਵੱਧ ਰੌਣਕ ਹੁੰਦੀ ."

ਜਾਰੀ ਹੈ ..............

No comments:

Post a Comment